ਧਰਮ ਨੇਕ ਕਰਮ ਸਿਖਾਉਂਦਾ ਹੈ

ਬਲਜਿੰਦਰ ਮਾਨ 98150-18947

  ਭਾਰਤ ਸਾਰੀ ਦੁਨੀਆ ਚੋਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਤੇ ਇਸ ਦੇਸ਼ ਵਿੱਚ  ਜਾਤਾਂ, ਧਰਮਾ, ਭਾਸ਼ਾਵਾਂ ,ਖਿੱਤਿਆਂ ਅਤੇ ਸੱਭਿਆਚਾਰਾਂ  ਦੀ ਬਹੁਲਤਾ ਹੈ। ਜਦੋਂ ਅਸੀਂ ਸਭ ਧਰਮਾਂ ਦੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਉਹਨਾਂ ਵਿੱਚ ਜਿਹੜੀ ਗੱਲ ਸਭ ਤੋਂ ਉੱਤਮ ਆਖੀ ਗਈ ਹੈ ਉਹ ਹੈ ਕਰਮ ਦੀ ਗੱਲ। ਸਾਰੇ ਧਰਮ ਕਿਰਤ ਦਾ ਉਪਦੇਸ਼ ਦਿੰਦੇ ਹੋਏ ਮਨੁੱਖ ਨੂੰ ਮਨੁੱਖਤਾ ਦੇ ਰਾਹੇ ਤੋਰਦੇ ਹਨ ਪਰੰਤੂ ਅਜੋਕੇ ਸਮੇਂ ਵਿੱਚ ਇਹ ਸਮਝ ਨਹੀਂ ਆਉਂਦੀ ਕਿ ਸਾਡਾ ਦੇਸ਼ ਕਿਸ ਰਾਹੇ ਪੈ ਗਿਆ ਹੈ। ਮਨੁੱਖ ਨੇ ਧਰਮ ਦੀ ਖੋਜ ਇਸ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਕੀਤੀ ਸੀ ਨਾ ਕਿ ਇਸ ਜ਼ਿੰਦਗੀ ਵਿੱਚ ਖਿਲਵਾੜ ਪਾਉਣ ਲਈ। ਜਦੋਂ ਅਸੀਂ ਸਭ ਜਾਣਦੇ ਹਾਂ ਕਿ ਮਾਨਸ ਕੀ ਇਕ ਜਾਤ ਹੈ ਅਤੇ ਅਸੀਂ ਸਾਰੇ ਜੀਵ ਇੱਕ ਪਰਮਾਤਮਾ ਦੇ ਬੱਚੇ ਹਾਂ ਤਾਂ ਆਪਸ ਵਿੱਚ ਵੰਡੀਆਂ ਕਿਸ ਗੱਲ ਦੀਆਂ ਹਨ? ਇਹ ਵੰਡੀਆਂ ਧਰਮ ਦੇ ਠੇਕੇਦਾਰਾਂ ਅਤੇ ਰਾਜਸੀ ਆਗੂਆਂ ਵੱਲੋਂ ਆਪਣੀਆਂ ਦੁਕਾਨਦਾਰੀਆਂ ਚਲਾਉਣ ਵਾਸਤੇ ਪਾਈਆਂ ਗਈਆਂ ਹਨ। 
    ਅਸਲ ਵਿੱਚ ਮਨੁੱਖ ਨੂੰ ਲਾਲਚਾਂ ਨੇ ਮਾਰਿਆ ਹੋਇਆ ਹੈ। ਲਾਲਚੀ ਮਨੁੱਖ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੈ। ਹਉਮੈ ਦਾ ਮਾਰਿਆ ਆਦਮੀ ਕਿਸੇ ਦੀ ਜਾਨ ਦੀ ਪਰਵਾਹ ਕੀਤੇ ਬਗੈਰ ਆਪਣੇ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ। ਜਿਸ ਦੀ ਮਨੁੱਖ ਨੂੰ ਕਰਨ ਦੀ ਮਨਾਹੀ ਹੈ। ਦੇਸ਼ ਦੀ ਹਾਲਤ ਇਹ ਬਣੀ ਹੋਈ ਹੈ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਲੈ ਕੇ ਭਾਰਤ ਦੀ ਪਾਰਲੀਮੈਂਟ ਤੱਕ ਰੋਸ ਮੁਜ਼ਾਹਰੇ ਬੰਦ ,ਹੜਤਾਲਾਂ ਪਤਾ ਨਹੀਂ ਹੋਰ ਕਿੰਨਾ ਕੁਝ ਹੋਈ ਜਾ ਰਿਹਾ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਸਿਰਜਿਆ ਭਾਰਤੀ ਸੰਵਿਧਾਨ ਭਾਰਤ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿਰਜਿਆ ਗਿਆ ਸੀ। ਇਸੇ ਕਰਕੇ ਭਾਰਤ ਨੂੰ ਇੱਕ ਧਰਮ ਨਿਰਪੱਖ ਰਾਜ ਦਾ ਦਰਜਾ ਦਿੱਤਾ ਗਿਆ ਸੀ। ਪਰ ਅੱਜ ਭਾਰਤ ਦੀ ਧਰਮ ਨਿਰਪੱਖਤਾ ਲੱਭਿਆਂ ਵੀ ਨਹੀਂ ਲੱਭਦੀ। ਸਰਕਾਰਾਂ ਨੇ ਹਰ ਗੱਲ ਨੂੰ ਧਰਮ ਤੇ ਜਾਤ ਨਾਲ ਜੋੜ ਕੇ ਆਰੰਭ ਕੀਤਾ ਹੋਇਆ ਹੈ। ਉਹਨਾਂ ਦਾ ਮਨੋਰਥ ਵੱਧ ਤੋਂ ਵੱਧ ਵੋਟਾਂ ਨੂੰ ਵਟੋਰਨਾ ਹੈ ਨਾ ਕਿ ਲੋਕਾਂ ਦਾ ਕਲਿਆਣ ਕਰਨਾ। ਇਸੇ ਕਰਕੇ ਕੋਈ ਵੋਟ ਧਰਮ ਦੇ ਨਾਂ ਤੇ ਮੰਗਦਾ ਹੈ ਕੋਈ ਜਾਤ ਦੇ ਨਾਂ ਤੇ। ਅਸਲ ਵਿੱਚ ਭਾਰਤ ਦੀ ਹਾਲਤ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਨੀਤੀ ਕਿਸੇ ਕੋਲ ਵੀ ਨਹੀਂ ਹੈ। ਜੇ ਅੱਜ ਭਾਰਤ ਦਾ ਵਿਕਾਸ ਉੱਚੇ ਹਾਈਵੇ, ਰੇਲਵੇ ਜਾਂ ਇਮਾਰਤਾਂ ਚੋਂ ਦੇਖਿਆ ਜਾ ਸਕਦਾ ਹੈ ਤਾਂ ਭਾਰਤ ਦੀ ਤਲਖ਼ ਹਕੀਕਤ ਪਿੰਡਾਂ ਤੇ ਸ਼ਹਿਰਾਂ ਦੇ ਬਾਹਰ ਬਣੀਆਂ ਕੁੱਲੀਆਂ ਅਤੇ ਕਲੋਨੀਆਂ ਵਿੱਚੋਂ ਦੇਖੀ ਜਾ ਸਕਦੀ ਹੈ। ਜਿਸ ਦੇਸ਼ ਦੇ 80 ਕਰੋੜ ਵਾਸੀ ਮੁਫ਼ਤ ਦਾ ਰਾਸ਼ਨ ਲੈਣ ਲਈ ਲਾਈਨ ਵਿੱਚ ਲੱਗੇ ਹੋਣ ਉਸ ਦੇਸ਼ ਨੂੰ ਤੁਸੀਂ ਦੁਨੀਆਂ ਦੀ ਵੱਡੀ ਅਰਥ ਵਿਵਸਥਾ ਕਿਵੇਂ ਮੰਨ ਸਕਦੇ ਹੋ। ਇਹ ਅਰਥ ਅਵਸਥਾ ਸਿਰਫ਼ ਤੇ ਸਿਰਫ਼ ਅਡਾਨੀ ਅਬਾਨੀ ਵਰਗੇ ਕੁਝ ਲੋਕਾਂ ਦੀਆਂ ਤਜੌਰੀਆਂ ਕਰਕੇ ਹੀ ਦਿਖਾਈ ਦੇ ਰਹੀ ਹੈ। 
   ਸਾਡੀ ਅੰਨੀ ਸ਼ਰਧਾ ਕਰਕੇ ਅਸੀਂ ਪਖੰਡੀ ਬਾਬਿਆਂ ਤੋਂ ਲੁੱਟ ਹੋ ਰਹੇ ਹਾਂ। ਆਸਾ ਰਾਮ ਵਰਗੇ ਬਾਬੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੈਠੇ ਹਨ। ਰਾਮ ਰਹੀਮ ਵਰਗੇ ਕੀ ਕੁਝ ਕਰਦੇ ਹਨ। ਇਹ ਅਸੀਂ ਸਭ ਕੁਝ ਜਾਣਦੇ ਹਾਂ। ਬਸ ਸਾਨੂੰ ਰੱਬ ਦੇ ਨਾਂ ਤੇ ਅਤੇ ਸਵਰਗ ਦੇ ਝਾਂਸੇ ਦੇ ਕੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਾਈਂ ਬੁੱਲੇ ਸ਼ਾਹ ਤਾਂ ਮਨੁੱਖ ਨੂੰ ਆਪਣੇ ਅੰਦਰ ਵੜਨ ਦੀ ਹਦਾਇਤ ਕਰਦੇ ਹਨ ਕਿ ਜੋ ਮਿਲਿਆ ਹੈ ਮਨੁੱਖ ਨੂੰ ਅੰਦਰੋਂ ਮਿਲਣਾ ਹੈ। ਰੱਬ ਵੀ ਮਨੁੱਖ ਦੇ ਅੰਦਰ ਹੀ ਲੁਕਿਆ ਬੈਠਾ ਹੈ ਤੇ ਅਸੀਂ ਉਸ ਨੂੰ ਗੁਰਦੁਆਰੇ, ਮੰਦਰਾਂ, ਮਸੀਤਾਂ ਵਿੱਚ ਲੱਭਦੇ ਫਿਰਦੇ ਹਾਂ। ਇਸ ਭੁਲੇਖੇ ਵਿੱਚ ਹੀ ਅਸੀਂ ਆਪਣਾ ਝੁੱਗਾ ਚੌੜ ਕਰਵਾਈ ਜਾ ਰਹੇ ਹਾਂ।
   ਪਰਮਾਤਮਾ ਨੇ ਮਨੁੱਖ ਨੂੰ ਇਸ ਸ੍ਰਿਸ਼ਟੀ ਦਾ ਸਰਤਾਜ ਬਣਾ ਕੇ ਦਿਮਾਗ ਨਾਮੀ ਐਡੀ ਵੱਡੀ ਸ਼ਕਤੀ ਦੇ ਦਿੱਤੀ ਹੈ ਕਿ ਉਹ ਕੁੱਲ ਦੁਨੀਆ ਤੇ ਰਾਜ ਕਰਦਾ ਹੈ। ਪ੍ਰੰਤੂ ਆਪਣੇ ਲਾਲਚ ਵੱਸ ਹੋ ਕੇ ਕੁਦਰਤੀ ਸਾਧਨਾਂ ਤੇ ਕਾਬਜ਼ ਹੋਣ ਲਈ ਮਨੁੱਖਾਂ ਨੂੰ ਮਰਵਾਉਣ ਲਈ ਸਦਾ ਤਿਆਰ ਰਹਿੰਦਾ ਹੈ।  
    ਸਰਕਾਰਾਂ ਬਣਦੀਆਂ ਹਨ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਨਾਂ ਤੇ ਅੱਜ ਕੱਲ ਸਰਕਾਰਾਂ ਬਣਦੀਆਂ ਹਨ ਮੰਦਰ ਬਣਾਉਣ ਦੇ ਨਾਮ ਤੇ। ਬਹੁਤੇ ਭਾਰਤੀ ਲੋਕ ਪੂਜਾ ਨੂੰ ਹੀ ਕੰਮ ਸਮਝੀ ਜਾ ਰਹੇ ਹਨ ਜਦਕਿ ਵਿਕਸਿਤ ਦੇਸ਼ਾਂ ਦੇ ਵਾਸੀ ਕੰਮ ਨੂੰ ਪੂਜਾ ਮੰਨਦੇ ਹਨ। ਅੱਜ ਸਾਡੇ ਦੇਸ਼ ਵਾਸੀਆਂ ਨੂੰ ਕਿਰਤ ਦਾ ਆਦਰ ਕਰਨ ਦੀ ਸਿੱਖਿਆ ਦੇਣ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਹਰ ਨੀਤੀ ਘੜਨ ਤੋਂ ਪਹਿਲਾਂ ਇਹ ਵਿਚਾਰਨਾ ਚਾਹੀਦਾ ਹੈ ਕਿ ਇਸ ਦੇਸ਼ ਕੋਲ ਡੇਢ ਅਰਬ ਦੇ ਕਰੀਬ ਆਬਾਦੀ ਹੈ। ਉਸ ਆਬਾਦੀ ਦੇ ਹੱਥ ਕੰਮ ਦੇਣਾ ਮੁੱਢਲੀ ਜ਼ਿੰਮੇਵਾਰੀ ਹੋਵੇ। ਕਿਰਤ ਨੂੰ ਪਹਿਲ ਦੇਣੀ ਬਣਦੀ ਹੈ। ਅਸੀਂ ਧਰਮੀ ਤਾਂ ਬਹੁਤ ਹਾਂ ਪਰ ਧਰਮ ਦੇ ਕਰਮ ਕਰਨ ਤੋਂ ਪਿੱਛੇ ਰਹਿੰਦੇ ਹਾਂ। ਸਰਬੱਤ ਦਾ ਭਲਾ ਤਾਂ ਮੰਗਦੇ ਹਾਂ ਪਰ ਸਰਬੱਤ ਦਾ ਭਲਾ ਕਰਦੇ ਨਹੀਂ। ਭਾਰਤ ਇੱਕ ਕਲਿਆਣਕਾਰੀ ਰਾਜ ਦਾ ਹੈ ਪਰ ਇਸ ਦਾ ਕਲਿਆਣ ਕਰਨਾ ਸਾਡੀਆਂ ਸਰਕਾਰਾਂ ਦਾ ਉਦੇਸ਼ ਨਹੀਂ ਰਿਹਾ। ਸਾਡੀਆਂ ਸਰਕਾਰਾਂ ਦਾ ਮਨੋਰਥ ਕਾਰਪੋਰੇਟ ਘਰਾਣਿਆਂ ਦੇ ਹੱਥ ਸਭ ਕੁਝ ਦੇ ਕੇ ਆਮ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਹੈ।
    ਭਾਰਤ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਧਾਰਮਿਕ ਸਥਾਨ ਹਨ। ਧਰਮ ਤੇ ਧਾਰਮਿਕ ਵਿਸ਼ਵਾਸ ਤੇ ਪਰੰਪਰਾਵਾਂ ਵੀ ਅਣਗਿਣਤ ਹਨ ਪਰ ਅੰਧ ਵਿਸ਼ਵਾਸ ਪਾਖੰਡ ਤੇ ਆਸਥਾ ਦੀ ਤਿਕੜੀ ਦਾ ਅਜਿਹਾ ਗੁੰਝਲਦਾਰ ਤਿਕੋਣ ਵੀ ਬਣਦਾ ਹੈ ਕਿ ਲੋਕ ਨਾ ਤਾਂ ਆਪਣਾ ਭਾਵਨਾਤਮਕ ਤੇ ਆਰਥਿਕ ਸ਼ੋਸ਼ਣ ਦੇਖਦੇ ਹਨ ਅਤੇ ਨਾ ਹੀ ਇਹਨਾਂ ਦੀ ਪਰਵਾਹ ਕਰਦੇ ਹਨ। ਇੱਕ ਅੰਦਾਜ਼ੇ ਅਨੁਸਾਰ ਭਾਰਤ ਦੇ ਲਗਭਗ 7 ਲੱਖ ਪੰਜਾਹ ਹਜ਼ਾਰ ਪਿੰਡਾਂ, 650 ਜ਼ਿਲ੍ਹਿਆਂ ਤੇ 8 ਹਜ਼ਾਰ ਸ਼ਹਿਰਾਂ ਦਾ ਦੇਸ਼ ਹੈ। ਜਿੱਥੇ ਲਗਭਗ 50 ਲੱਖ ਮੰਦਰ, 8 ਲੱਖ ਮਸਜਿਦਾਂ, 12 ਹਜ਼ਾਰ ਗੁਰਦੁਆਰੇ ਤੇ 10 ਹਜ਼ਾਰ ਤੋਂ ਵੱਧ ਗਿਰਜਾ ਘਰ ਹੋਣਗੇ। ਹਰ ਗਲੀ ਮਹੱਲੇ ਵਿੱਚ ਧਾਰਮਿਕ ਸਥਾਨਾਂ ਤੇ ਸਪੀਕਰਾਂ ਤੇ ਲੱਗੀਆਂ ਉੱਚੀਆਂ ਆਵਾਜ਼ਾਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਧਰਮਾਂ ਦਾ ਦੇਸ਼ ਹੈ। ਹਰ ਧਰਮ ਦੇ ਆਗੂ ਨੇ ਸਾਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ ਸੀ ਪਰ ਇਹਨਾਂ ਸਥਾਨਾਂ ਤੇ ਲੱਗੇ ਚਾਰੋ ਦਿਸ਼ਾਵਾਂ ਵਿੱਚ ਸਪੀਕਰ ਇਹ ਦੱਸਦੇ ਹਨ ਕਿ ਉਹਨਾਂ ਦੇ ਅਨੁਯਾਈਆਂ ਨੇ ਉਸ ਉਪਦੇਸ਼ ਨੂੰ ਕਦੀ ਨਹੀਂ ਮੰਨਿਆ। ਹਰ ਪਿੰਡ ਵਿੱਚ ਚਾਰ ਪੰਜ ਧਾਰਮਿਕ ਸਥਾਨ ਤਾਂ ਹੁੰਦੇ ਹਨ ਪ੍ਰੰਤੂ ਪਿੰਡ ਵਿੱਚ ਇੱਕ ਵਧੀਆ ਡਾਕਟਰ ਉਪਲਬਧ ਨਹੀਂ ਹੁੰਦਾ। ਜੇਕਰ ਡਾਕਟਰ ਲੱਭਦੇ ਹਨ ਤਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਿੱਥੇ ਆਮ ਮਰੀਜ਼ਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਇੰਨੀ ਗਿਣਤੀ ਹੁੰਦੀ ਹੈ ਕਿ ਜਿੱਥੇ ਉਹਨਾਂ ਨੂੰ ਵਾਰੀ ਦੀ ਉਡੀਕ ਕਰਦਿਆਂ ਹੀ ਕਈ ਵਾਰੀ ਦਮ ਤੋੜਨਾ ਪੈਂਦਾ ਹੈ। ਸਰਕਾਰ ਨੇ ਸਿਹਤ ਕੇਂਦਰ ਤੇ ਸਕੂਲ ਤਾਂ ਬਣਾਏ ਹਨ ਪਰ ਸਟਾਫ਼ ਜਾਂ ਰੱਖ ਰਖਾਅ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੇਸ਼ ਦੀ ਸੱਚਾਈ ਇਹ ਹੈ ਕਿ ਪੇਂਡੂ ਸਿਹਤ ਕੇਂਦਰਾਂ ਵਿੱਚ 30 ਹਜ਼ਾਰ ਤੋਂ 35 ਡਾਕਟਰ ਹਨ। ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਝਾੜ ਫੂਕ ਕਰਨ ਵਾਲੇ ਜਾਂ ਝੋਲਾ ਛਾਪ ਡਾਕਟਰ ਕੋਲ ਜਾਣਾ ਪੈਂਦਾ ਹੈ।
    ਸਿੱਖਿਆ ਦੀ ਹਾਲਤ ਅਜਿਹੀ ਹੈ ਕਿ ਸ਼ਹਿਰਾਂ ਵਿੱਚ ਤਾਂ ਸਮਾਰਟ ਸਕੂਲ ਤੇ ਕਲਾਸਾਂ ਹਨ ਪਰ ਇੱਕ ਚੌਥਾਈ ਪੇਂਡੂ ਸਕੂਲਾਂ ਦੀਆਂ ਆਪਣੀਆਂ ਇਮਾਰਤਾਂ ਤਕ ਨਹੀਂ ਹਨ। ਸਰਕਾਰੀ ਸਕੂਲਾਂ ਦੀਆਂ ਕਮੀਆਂ ਕਾਰਨ ਹੀ ਵਿਦਿਆਰਥੀ ਆਏ ਸਾਲ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵੱਲ ਜਾ ਰਹੇ ਹਨ। ਯੂਨੀਫਾਈਡ ਡਿਸਟਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (ਯੂ ਡਾਈਸ+) ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਭਾਰਤ ਦੇ ਸਰਕਾਰੀ ਸਕੂਲਾਂ ਵਿੱਚੋਂ 86 ਲੱਖ ਬੱਚੇ ਹਟ ਗਏ ਹਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ 88 ਲੱਖ ਬੱਚਿਆਂ ਦਾ ਵਾਧਾ ਹੋਇਆ। ਸਰਕਾਰੀ ਸਕੂਲਾਂ ਵਿਚ ਸਟਾਫ਼ ਦੀ ਕਮੀ ਅਤੇ ਪ੍ਰਬੰਧਕੀ ਖਾਮੀਆਂ ਕਾਰਨ ਇਹ ਗਿਣਤੀ ਘੱਟ ਕੇ 2025-26 ਵਿੱਚ 24.72 ਕਰੋੜ ਰਹਿ ਗਈ ਹੈ ਜਦਕਿ ਇਹ ਗਿਣਤੀ 2023-24 ਵਿੱਚ 24.8 ਕਰੋੜ ਸੀ। ਸਕੂਲਾਂ ਦੇ ਕੰਧਾਂ ਕੌਲੇ ਰੰਗ ਬਿਰੰਗੇ ਬਣਾਉਣ ਨਾਲ ਸਿੱਖਿਆ ਦਾ ਵਿਕਾਸ ਨਹੀਂ ਹੋ ਸਕਦਾ ਜਦੋਂ ਤੱਕ ਲੋੜੀਂਦੇ ਅਧਿਆਪਕਾਂ ਨੂੰ ਅਧਿਆਪਨ ਦੀਆਂ ਆਧੁਨਿਕ ਵਿਧੀਆਂ ਨਹੀਂ ਸਿਖਾਈਆਂ ਜਾਂਦੀਆਂ। ਰਾਜ ਅਤੇ ਕੇਂਦਰੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਨੁੱਖੀ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀਆਂ ਸਕੀਮਾਂ ਘੜਨ ਕਿਉਂਕਿ ਭਾਰਤ ਕੋਲ ਸਭ ਤੋਂ ਵੱਧ ਮਨੁੱਖ ਹਨ।
ਪੰਜ ਸਾਲ ਬਾਅਦ ਜਦੋਂ ਸਰਕਾਰਾਂ ਨੂੰ ਕੀਤੇ ਕੰਮਾਂ ਦਾ ਵੇਰਵਾ ਪੁੱਛਣ ਦਾ ਸਮਾਂ ਆਉਂਦਾ ਹੈ ਤਾਂ ਉਹ ਮੁਫ਼ਤ ਦੀਆਂ ਰੇਓੜੀਆਂ ਦੇ ਕੇ ਜਨਤਾ ਦਾ ਮੂੰਹ ਬੰਦ ਕਰਵਾ ਦਿੰਦੇ ਹਨ। ਲੋੜ ਤਾਂ ਇਹ ਸੀ ਕਿ ਉਨਾਂ ਹੱਥ ਰੁਜ਼ਗਾਰ ਹੁੰਦਾ ਅਤੇ ਉਹ ਸਵੈ ਭਰੋਸੇ ਨਾਲ ਕਮਾਈ ਕਰਕੇ ਸਭ ਚੀਜ਼ਾਂ ਖਰੀਦਣ ਦੇ ਸਮਰੱਥ ਹੁੰਦੇ। ਸਰਕਾਰਾਂ ਵੱਲੋਂ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਦੇਸ਼ ਵਾਸੀਆਂ ਨੂੰ ਸਮਰੱਥਾਵਾਨ ਅਤੇ ਬੁੱਧੀਮਾਨ ਇਨਸਾਨ ਨਹੀਂ ਬਣਾਇਆ ਜਾ ਰਿਹਾ ਸਗੋਂ ਬੁੱਧੂ ਵੋਟਰ ਬਣਾ ਕੇ ਆਪਣੀ ਇੱਛਾ ਅਨੁਸਾਰ ਵਰਤਣ ਲਈ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰਾਂ ਦੀ ਇਹ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜਨਤਾ ਨੂੰ ਅਮੀਰਾਂ ਦੀ ਲੁੱਟ ਖਸੁੱਟ ਤੋਂ ਬਚਾਵੇ ਪਰ ਸਾਡੀਆਂ ਸਰਕਾਰਾਂ ਤਾਂ ਇਹ ਖੁੱਲ ਦੇ ਰਹੀਆਂ ਹਨ ਕਿ ਤੁਸੀਂ ਜਨਤਾ ਨੂੰ ਜਿਵੇਂ ਮਰਜ਼ੀ ਲੁੱਟੋ ਕਿਉਂਕਿ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਜਨਤਾ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਉਹਨਾਂ ਹੱਥੋਂ ਕਿਰਤ ਖੋਹੀ ਜਾ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਬਿਜਲੀ ਪਾਣੀ ਸਭ ਸਹੂਲਤਾਂ ਕੰਟਰੋਲ ਰੇਟ ਤੇ ਜਨਤਾ ਨੂੰ ਮੁਹਈਆ ਕੀਤੀਆਂ ਜਾਣ ਨਾ ਕਿ ਮੁਫ਼ਤ। ਦੁਨੀਆਂ ਦੇ ਵਿਕਸਤ ਦੇਸ਼ ਕੋਈ ਵੀ ਚੀਜ਼ ਮੁਫ਼ਤ ਪ੍ਰਦਾਨ ਨਹੀਂ ਕਰਦੇ ਕਿਉਂਕਿ ਮੁਫ਼ਤ ਦੀ ਚੀਜ਼ ਦੀ ਕਿਸੇ ਨੂੰ ਕਦਰ ਨਹੀਂ ਹੁੰਦੀ। ਮੁਫ਼ਤ ਦੀ ਬਿਜਲੀ ਪਾਣੀ ਕਾਰਨ ਹੀ ਅੱਜ ਪੰਜਾਬ ਰੇਗਿਸਤਾਨ ਬਣਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਡੂੰਘਾ ਤੇ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅੱਜ ਸਾਡੀਆਂ ਸਰਕਾਰਾਂ ਨੂੰ ਧਰਮ ਦੁਆਰਾ ਦਰਸਾਏ ਕਿਰਤ ਦੇ ਮਾਰਗ ਨੂੰ ਅਪਣਾਉਣ ਦੀ ਜ਼ਰੂਰਤ ਹੈ। ਜਦੋਂ ਦੇਸ਼ ਦੇ ਹਰ ਨੌਜਵਾਨ ਹੱਥ ਕਿਰਤ ਹੋਵੇਗੀ ਤਾਂ ਦੇਸ਼ ਵਿੱਚੋਂ ਨਸ਼ੇ, ਗੈਂਗਵਾਰ, ਲੁੱਟ ਖਸੁੱਟ ਵਰਗੀਆਂ ਅਲਾਮਤਾਂ ਖੁਦ ਬ ਖੁਦ ਖਤਮ ਹੁੰਦੀਆਂ ਜਾਣਗੀਆਂ।

ਕਿਰਤੀ ਹੱਥ ਜਦ ਹੋਵੇ ਕਾਰ,
ਸਭ ਦਾ ਵਧੇ ਫਿਰ ਸਤਿਕਾਰ।
ਧਰਮ ਦੇ ਸਭ ਕਰਮ ਕਮਾਈਏ,
ਜਨਤਾ ਵਿੱਚ ਵਧੇ ਪਿਆਰ।
ਦੁਨੀਆ ਵਿੱਚ ਇਹ ਕਰੇ ਤਰੱਕੀ,
ਮਨ ਵਿੱਚ ਨਾ ਆਏ ਹੰਕਾਰ।
*
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)

One Reply to “ਧਰਮ ਨੇਕ ਕਰਮ ਸਿਖਾਉਂਦਾ ਹੈ”

Comments are closed.