ਬਲਜਿੰਦਰ ਮਾਨ 98150-18947
ਨਾ ਕੋਈ ਇੱਥੇ ਲਾਵੇ ਜੰਗ,
ਰੰਗ ‘ਚ ਨਾ ਕੋਈ ਪਾਵੇ ਭੰਗ।
ਹੱਕਾਂ ਨਾਲ ਜੇ ਫਰਜ਼ ਨਿਭਾਈਏ
ਉੱਚਾ ਹੋ ਜਾਏ ਫਿਰ ਪ੍ਰਬੰਧ।
ਮਾਨਵਤਾ ਲਈ ਜੀਣਾ ਮਰਨਾ
ਸੌਖੇ ਹੋ ਜਾਣ ਫਿਰ ਸਬੰਧ।
ਜੇਤੂ ਨਾ ਕੋਈ ਹੋਇਆ ਸਿਕੰਦਰ
ਅੱਧ ਵਿਚਾਲੇ ਛੱਡ ਗਏ ਜੰਗ।
ਮਿੱਟੀ ਪਾਣੀ ਪਲੀਤ ਨਾ ਕਰੀਏ
ਹਰ ਥਾਂ ਫੈਲੇ ਸੋਹਜ ਸੁਗੰਧ।
ਕੁਲ ਮਾਨਵਤਾ ਦੇ ਭਲੇ ਵਾਸਤੇ
ਕਰੀਏ ਕਾਰਜ ਹੋ ਨਿਸੰਗ।
ਜੇਕਰ ਕਾਇਮ ਰਹੇ ਮਨੁੱਖਤਾ
ਮਾਨਵਤਾ ਫਿਰ ਹੋਏ ਬੁਲੰਦ।
ਇੱਕ ਨੂਰ ਦਾ ਹੈ ਪਸਾਰਾ
ਵਿੱਚ ਦਿਲਾਂ ਕਿਉਂ ਉਸਾਰੀ ਕੰਧ।
ਚੌਧਰ ਖਾਤਰ ਹੋਣ ਲੜਾਈਆਂ
ਹੋ ਜਾਣ ਸੋਹਣੇ ਰੰਗ ਬੇਰੰਗ।
ਸੱਜਣਾਂ ਨੂੰ ਗਲ਼ ਲੱਗ ਮਿਲੀਏ
ਔੜਾਂ ਮਾਰਿਆ ਰਹੇ ਨਾ ਝੰਗ।
ਦੁਨੀਆਂ ਤੇ ਜੇ ਰਾਜ ਹੈ ਕਰਨਾ,
ਹੋਵੇ ਪੂਰੀ ਸਭ ਦੀ ਮੰਗ।
ਧਰਤੀ ਮਾਂ ਦੀ ਸੇਵਾ ਕਰੀਏ
ਫਿਰ ਨਾ ਕੋਈ ਰਹੇ ਮਲੰਗ।
ਮਨ ਸੱਚੇ ਨਾਲ ਕਾਰਜ ਕਰੀਏ
ਹੋਰ ਨਾ ਕੋਈ ਅੜਾਵੇ ਟੰਗ।
‘ਮਾਨ’ ਮੁਹੱਬਤ ਸਭ ਨਾਲ ਕਰੀਏ
ਹਰ ਵਾਸੀ ਦੀ ਇਹੋ ਉਮੰਗ।
*
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ , ਹੁਸ਼ਿਆਰਪੁਰ
